ਹੜਾਂ ਦੀ ਤਰਾਸਦੀ ਤੇ ਜੂਝਦਾ ਪੰਜਾਬ

You are currently viewing ਹੜਾਂ ਦੀ ਤਰਾਸਦੀ ਤੇ ਜੂਝਦਾ ਪੰਜਾਬ

ਉੱਠ ਦਰਦਮੰਦਾਂ ਦੇ ਦਰਦੀਆ, ਤੇ ਤੱਕ ਆਪਣਾ ਪੰਜਾਬ,
ਫਿਰ ਉਮੜ ਕੇ ਆ ਗਿਆ, ਕੁਦਰਤੀ ਆਫ਼ਤਾਂ ਦਾ ਸੈਲਾਬ।
ਮੈਂ ਆਖਾਂ ਵਾਰਸ ਸ਼ਾਹ ਨੂੰ ਫੇਰ ਅੱਜ:-
ਤੇਰਾ ਦੇਸ਼ ਹੜ੍ਹਾਂ ਵਿੱਚ ਹੜ੍ਹ ਗਿਆ, ਤੇ ਅਸਲੋਂ ਹਾਲ ਖ਼ਰਾਬ।
ਕਿਧਰੇ ਬੰਦੇ ਰੁੜ੍ਹ ਗਏ,ਤੇ ਮਾਲ ਅਸਬਾਬ ਵੀ ਡੁੱਬਿਆ,
ਖੇਤ ਵੀ ਬੰਜਰ ਹੋ ਗਏ,ਐਸਾ ਵਹਿਣ ਵਿੱਚ ਖੁਭਿਆ।
ਕਈ ਘਰ ਢਹਿ ਢੇਰੀ ਹੋ ਗਏ, ਦਿਲ ਰੋਂਦੇ ਰੋਂਦੇ ਸਹਿ ਗਏ।
ਰੱਬਾ ਹੁਣ ਤੇ ਮਿਹਰ ਕਰ,ਅਸੀਂ ਵਕਤ ਦੇ ਮਾਰੇ ਰਹਿ ਗਏ।
ਇਹ ਅਚਿੰਤਾ ਬਾਜ ਪੈ ਗਿਆ, ਨਾ ਚੇਤੇ ਨਾ ਕੋਈ ਖ਼ੁਆਬ,
ਕਿਸਨੂੰ ਦੋਸ਼ ਦੇਵੀਏ ‘ਕਮਲ’,ਰੱਬਾ ਤੂੰ ਸਭ ਕਿਛ ਆਪੇ ਆਪ।
ਅੱਜ ਸਾਰਾ ਪੰਜਾਬ ਇਸ ਹੜਾਂ ਦੀ ਤਰਾਸਦੀ,ਤੇ ਸੰਕਟ ਮਈ ਦੌਰ ਵਿੱਚੋਂ ਲੰਘ ਰਿਹਾ ਹੈ। ਸਭ ਪਾਸੇ ਤ੍ਰਾਹ ਤ੍ਰਾਹ ਹੋ ਰਹੀ ਹੈ। ਮੇਰੇ ਪੰਜਾਬ ਨੂੰ ਹਰ ਥੋੜੇ ਸਾਲਾਂ ਬਾਦ ਪਤਾ ਨਹੀਂ ਕੈਸੀ ਨਜ਼ਰ ਲਗ ਜਾਂਦੀ ਏ ਜੋ ਐਸੀ ਸਥਿਤੀ ਵਿਚੋਂ ਗੁਜ਼ਰਨਾ ਪੈਂਦਾ ਹੈ। ਪਹਿਲਾਂ 1955 ਫੇਰ 1988,1993 ਤੇ ਹੁਣ 2025 ਵਿੱਚ। ਜਦੋਂ ਰੱਬ ਦਾ ਕਹਿਰ ਟੁੱਟਦਾ ਹੈ ਤਾਂ ਚਿੱਤ ਚੇਤਾ ਵੀ ਨਹੀਂ ਹੁੰਦਾ ਕਿ ਅਗਲੇ ਪਲ ਕੀ ਹੋਣ ਵਾਲਾ ਹੈ। “ਕੌਣ ਜਾਨੇ ਕਿਸ ਘੜੀ ਵਕਤ ਕਾ ਬਦਲੇ ਮਿਜਾਜ਼” ਹੈ ਤਾਂ ਇਹ ਗਾਣੇ ਦੀਆਂ ਲਾਈਨਾਂ ਪਰ ਵਾਕਈ ਸਮਂੇ ਦਾ ਕੁਝ ਨਹੀਂ ਪਤਾ ਹੁੰਦਾ ਕਿ ਅਗਲੇ ਪਲ ਕੀ ਹੋਣ ਵਾਲਾ ਹੈ, ਜਿਸਨੇ ਸਭ ਤਹਿਸ ਨਹਿਸ ਕਰ ਦੇਣਾ ਹੈ। ਇਨਸਾਨ ਵੇਖਦਾ ਹੀ ਰਹਿ ਜਾਂਦਾ ਹੈ,ਕਿ ਉਸ ਦਾ ਸਿਰਜਿਆ ਸੰਸਾਰ ਪਲ ਛਿਨ ਵਿੱਚ ਹੀ ਢਹਿ ਢੇਰੀ ਹੋ ਜਾਂਦਾ ਹੈ। ਇਵਂੇ ਹੀ ਹੋਇਆ ਹੈ ਇਸ ਵਾਰ। ਜਿਉਂ ਹੀ ਅਗਸਤ ਚੜਿਆ ,ਬਸ ਬਦਲਾਂ ਦਾ ਕਹਿਰ ਹੀ ਟੁੱਟ ਪਿਆ। ਇਸ ਵਾਰ ਭਾਰੀ ਮੌਨਸੂਨ ਬਾਰਸ਼ ਤੇ ਬੱਦਲ ਫਟਣ ਕਾਰਣ ਪਹਿਲਾਂ ਤਾਂ ਜ਼ੋਰਦਾਰ ਮੀਹਾਂ ਕਾਰਣ ਹੀ ਬਹੁਤ ਨੁਕਸਾਨ ਹੋਇਆ। ਬੱਦਲ ਚੜ੍ਹ ਚੜ੍ਹ ਕੇ ਵਰ੍ਹਦੇ ਰਹੇ,ਤੇ ਸਭ ਪਾਸੇ ਜਲ ਥਲ ਕਰ ਦਿੱਤਾ, ਜਿਸ ਕਰਕੇ ਬਿਜਲੀ ਦੀ ਸਪਲਾਈ ਠੱਪ ਹੋ ਗਈ, ਸਕੂਲ ਕਾਲਜ ਬੰਦ ਹੋ ਗਏ ,ਇੰਟਰਨੈੱਟ ਫੇਲ ਹੋ ਗਏ। ਪਰ
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ॥
ਇਹ ਵੀ ਕੀ ਪਤਾ ਸੀ ਕਿ ਅੱਗੇ ਹੋਰ ਮੁਸੀਬਤ ਆਉਣ ਵਾਲੀ ਹੈ। ਉਹੀ ਰਹਿੰਦੀ ਖੂੰਹਦੀ ਕਸਰ ਹੜਾਂ ਨੇ ਕੱਢ ਦਿੱਤੀ। ਦਰਿਆਵਾਂ ਦੇ ਬੰਨ੍ਹ ਟੁੱਟ ਗਏ। ਪੰਜਾਬ ਦੇ 12 ਜ਼ਿਲਿਆਂ ਵਿੱਚ ਪਾਣੀ ਉਛਾਲੇ ਮਾਰਨ ਲੱਗ ਪਿਆ। ਲੋਕਾਂ ਦੇ ਘਰਾਂ ਵਿੱਚ ਅੱਠ ਅੱਠ ਨੌ ਨੌ ਫੁੱਟ ਪਾਣੀ ਚੜ੍ਹ ਗਿਆ, ਪਿੰਡਾਂ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਜੋ ਗਰਮੀ ਸਰਦੀ ਝੱਲ ਕੇ ਪਾਲੀਆਂ ਸੀ ਉਹ ਸਭ ਰੁੜ੍ਹਨ ਲਗ ਪਈਆਂ। ਪਸ਼ੂ ਅਲੱਗ ਪਾਣੀ ਵਿੱਚ ਰੁੜ ਗਏ, ਘਰ ਢਹਿ ਢੇਰੀ ਹੋ ਗਏ। ਵੀਡੀਓਜ਼ ਰਾਹੀਂ ਦੂਰ ਦੂਰ ਤੱਕ ਪਾਣੀ, ਵਿੱਚ ਰੁੜ੍ਹਦੇ ਪਸ਼ੂ ਤੇ ਢਹਿੰਦੇ ਘਰ ਵੇਖ ਵੈਖ ਮੇਰਾ ਖ਼ੁਦ ਦਾ ਰੋਣ ਨਿਕਲ ਗਿਆ , ਐਸਾ ਹਿਰਦੇਵੇਧਕ ਸੀਨ , ਪਰ ਜਿਨਾਂ ਲੋਕਾਂ ਤੇ ਬੀਤੀ ਉਹਨਾਂ ਦਾ ਹਾਲ ਤਾਂ ਵੇਖਿਆਂ ਹੀ ਜਾਣਿਆ ਜਾ ਸਕਦਾ ਹੈ। ਵਿਨਾਸ਼ਕਾਰੀ ਹੜ੍ਹ ਨੇ ਨਾ ਜਾਣੇ ਕਿੰਨੇ ਲੋਕਾਂ ਦੀਆਂ ਜਾਨਾਂ ਲਈਆਂ ਹਨ ਇਹ ਤਾਂ ਬਾਦ ‘ਚ ਪਤਾ ਲਗੇਗਾ। ਅੰਕੜਿਆਂ ਮੁਤਾਬਿਕ 1.91 ਲੱਖ ਹੈੱਕਟੇਅਰ ਜ਼ਮੀਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਇਆ ਹੈ। ਪਰਿਵਾਰਾਂ ਨੇ ਘਰਾਂ ਤੇ ਜ਼ਮੀਨਾਂ ਦੇ ਨਾਲ ਨਾਲ ਰੋਜ਼ੀ ਰੋਟੀ ਦੀ ਸਮੱਸਿਆ ਤੇ ਸੁਰੱਖਿਆ ਦੀ ਭਾਵਨਾ ਵੀ ਗੁਆ ਦਿੱਤੀ ਹੈ। ਸਾਢੇ ਤਿੰਨ ਲੱਖ ਲੋਕ ਜੋ ਇਸ ਨਾਲ ਪ੍ਰਭਾਵਿਤ ਹੋਏ ਹਨ ਉਹਨਾਂ ਦੇ ਮੁੜ ਵਸੇਬੇ ਦੀ ਭਾਰੀ ਚਿੰਤਾ ਹੋ ਗਈ ਹੈ। ਸੜਕਾਂ ਤੇ ਪੁਲਾਂ ਦਾ ਵੀ ਭਾਰੀ ਨੁਕਸਾਨ ਹੋ ਗਿਆ ਹੈ ਤੇ ਰਾਜ ਨੂੰ ਦੱਸ ਸਾਲ ਤਰੱਕੀ ਪਿੱਛੇ ਪਾ ਦਿੱਤਾ ਹੈ। ਮੋਗਾ, ਸੰਗਰੂਰ, ਕਪੂਰਥਲਾ, ਅਮ੍ਰਿਤਸਰ, ਗੁਰਦਾਸਪੁਰ, ਰੂਪ ਨਗਰ, ਚੰਡੀਗੜ੍ਹ ਦੇ ਕੁਝ ਨਾਲ ਲਗਦੇ ਪਿੰਡ, ਰਮਦਾਸ, ਫ਼ਿਰੋਜ਼ਪੁਰ, ਤਰਨਤਾਰਨ, ਬਰਨਾਲਾ, ਹੁਸ਼ਿਆਰਪੁਰ, ਪਟਿਆਲਾ ਆਦਿ ਇਲਾਕੇ ਬਹੁਤ ਪ੍ਰਭਾਵਿਤ ਹੋਏ ਹਨ। ਸਾਰਾ ਦੇਸ ਤੇ ਬਾਹਰ ਵੀ ਅਜਿਹੀ ਮੰਦੀ ਹਾਲਤ ਦੇਖ ਤ੍ਰਾਹ ਤ੍ਰਾਹ ਕਰ ਉਠਿਆ, ਪਰ ਕਿੰਨੀ ਦੇਰ ਆਪਣੇ ਪ੍ਰਧਾਨ ਮੰਤਰੀ ਜੀ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਜਿਥੇ ਵੀ ਕੋਈ ਕਿਸੇ ਵੀ ਪ੍ਰਕਾਰ ਦਾ ਸੰਕਟ ਆਣ ਪਵੇ ਤਾਂ ਪੰਜਾਬੀ ਖਾਲਸਾ ਸਭ ਤੋਂ ਪਹਿਲਾਂ ਪਹੁੰਚਦਾ ਹੈ। ਸ਼ਾਬਾਸ਼ ਹੈ ਫ਼ਿਰ ਵੀ ਆਪਣੇ ਪੰਜਾਬੀ ਵੀਰਾਂ ਦੇ ਜੋ ਇਸ ਮੁਸ਼ਕਿਲ ਦੀ ਘੜੀ ਵਹੀਰਾਂ ਘੱਤ ਕੇ ਅੱਗੇ ਆਏ ਤੇ ਡੁੱਬਦੇ ਪੰਜਾਬ ਦੀ ਬਾਂਹ ਫੜੀ। ਸਿੱਖ ਨੌਜੁਆਨ ਕਮੇਟੀਆਂ, ਨਿਹੰਗ ਸਿੰਘ, ਐਨ ਆਰ ਆਈ, ਪੰਜਾਬੀ ਗਾਇਕਾਂ ਤੇ ਬਾਲੀਵੁੱਡ ਐਕਟਰਾਂ ਨੇ ਨਾ ਭੁੱਲਣਯੋਗ ਯੋਗਦਾਨ ਪਾਇਆ ਹੈ। ਐੱਨ. ਡੀ. ਆਰ. ਐੱਫ਼ ,ਬੀ. ਐੱਸ. ਐੱਫ਼.ਤੇ ਜਿਲ੍ਹਾ ਅਧਿਕਾਰੀਆਂ,ਤੇ ਪੰਜਾਬ ਪੁਲਿਸ ਨੇ ਹੈਲੀਕਾਪਟਰਾਂ, ਕਿਸ਼ਤੀਆਂ,ਟਰੈੱਕਟਰਾਂ ਤੇ ਡਰੋਨਾਂ ਰਾਹੀਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪੁਚਾਇਆ ਤੇ ਦਵਾਈਆਂ ਤੇ ਭੋਜਨ ਪਹੁੰਚਾਉਣ ਦੀ ਪੂਰੀ ਤਨਦੇਹੀ ਨਾਲ ਜਿੰਮੇਵਾਰੀ ਨੂੰ ਨਿਭਾਇਆ ਹੈ। ਆਮ ਆਦਮੀ ਪਾਰਟੀ ਦੇ ਯੁਵਾ ਤੇ ਮਹਿਲਾਵਿੰਗ ਵਲੋਂ ਐਮ. ਐਲ.ਏ. ਜੀਵਨ ਜੋਤ ਕੌਰ ਨੇ ਵੀ ਅੱਗੇ ਹੋ ਕੇ ਹੜ੍ਹ ਪੀੜ੍ਹਤਾਂ ਦਾ ਹੌਂਸਲਾ ਵੀ ਵਧਾਇਆ ਤੇ ਲੋਕਾਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਹਰ ਸੰਭਵ ਕੋਸ਼ਿਸ਼ ਨਾਲ ਉਹਨਾਂ ਲਈ ਯਤਨਬੰਦ ਹੋਵੋ ਤੇ ਉਨਾਂ ਦੇ ਟੁੱਟੇ ਦਿਲਾਂ ਨੂੰ ਧਰਵਾਸ ਦੇਵੋ। ਭਗਵੰਤ ਮਾਨ ਨੇ ਵੀ ਹੜਾਂ ਦੀ ਭਰਪਾਈ ਲਈ ਐਲਾਨ ਕੀਤਾ ਹੈ। ਆਖਰਕਾਰ ਪੀ.ਐਮ. ਜੀ. ਨੂੰ ਪੰਜਾਬ ਨੂੰ ਢਹਿੰਦਿਆਂ ਵੇਖ ਜਾਗ ਆ ਹੀ ਗਈ ਤੇ ਪੰਜਾਬ ਦੇ ਹੜ੍ਹਪੀੜਤ ਇਲਾਕਿਆਂ ਦਾ ਦੌਰਾ ਕੀਤਾ ਤੇ 1600 ਕਰੋੜ ਰਾਸ਼ੀ ਦੇਣ ਦਾ ਐਲਾਨ ਕੀਤਾ,ਜੋ ਕਿ ਊਠ ਤੋਂ ਛਾਨਣੀ ਲਾਹੁਣ ਦੇ ਬਰਾਬਰ ਹੈ। ਸਭ ਪਾਸਿਆਂ ਤੋਂ ਹੋਈ ਹਰ ਪ੍ਰਕਾਰ ਦੀ ਮਦੱਦ ਨਾਲ ਬਹੁਤ ਰਾਹਤ ਵੀ ਮਿਲੀ ਹੈ ਲੋਕਾਂ ਨੂੰ ਤੇ, ਮੁੜ ਵਸੇਬੇ ਲਈ ਤੇ ਖੇਤੀਬਾੜੀ ਨੂੰ ਸੁਧਾਰਨ, ਤੇ ਘਰਾਂ ਨੂੰ ਮੁੜ ਬਣਾਉਣ ਤੇ ਉਨਾਂ ਨੂੰ ਪਸ਼ੂ ਵੀ ਦੇਣ ਲਈ ਦਲਜੀਤ ਦੁਸਾਂਝ ਨੇ ਤਾਂ ਦੱਸ ਪਿੰਡ ਗੋਦ ਲੈ ਲਏ ਹਨ। ਇਸੇ ਤਰਾਂ ਹੋਰ ਵੀ ਬਾਲੀਵੁੱਡ ਐਕਟਰ ਭਾਰੀ ਮਦੱਦ ਦੇਣ ਲਈ ਅੱਗੇ ਆਏ ਹਨ। ਅਸੀਂ ਮੰਨਦੇ ਹਾਂ ਕਿ ਹੜ੍ਹ ਕੁਦਰਤੀ ਆਫ਼ਤਾਂ ਹਨ, ਪਰ ਕਈ ਆਫਤਾਂ ਮਨੁੱਖੀ ਗਲਤੀਆਂ ਕਾਰਣ ਵੀ ਆਉਂਦੀਆਂ ਹਨ। ਪੰਜਾਬ ਦੇ ਨਦੀ ਨਾਲਿਆਂ ਤੇ ਨਹਿਰਾਂ ਦੀ ਸਫਾਈ ਕਈ ਸਾਲਾਂ ਤੋਂ ਢੰਗ ਨਾਲ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਵਿੱਚ ਗੰਦ ਜਮਾਂ ਹੋਣ ਕਾਰਣ ਪਾਣੀ ਦਾ ਵਹਾਅ ਰੁੱਕ ਜਾਂਦਾ ਹੈ। ਡਰੇਨੇਜ ਸਿਸਟਮ ਕਮਜ਼ੋਰ ਹੈ। ਬਹੁਤ ਸਾਰੇ ਡੈਮ ਤੇ ਬੰਨ੍ਹ ਖਸਤਾ ਹਾਲਤ ਵਿੱਚ ਹਨ ਤੇ ਸਮੇਂ ਸਿਰ ਉਨਾਂ ਦੀ ਮੁਰੰਮਤ ਵੀ ਨਹੀਂ ਕੀਤੀ ਜਾਂਦੀ। ਗੈਰ ਕਨੂੰਨੀ ਮਾਈਨਿੰਗ, ਜੰਗਲਾਂ ਦੀ ਕਟਾਈ, ਬੇਕਾਬੂ ਉਸਾਰੀ,ਇਹ ਵੀ ਹੜਾਂ ਨੂੰ ਵਧਾਉਂਦੇ ਹਨ। ਜੇ ਸਮੇਂ ਸਿਰ ਸਭ ਕੁਛ ਦੇਖ ਲਿਆ ਜਾਂਦਾ ਤਾਂ ਐਸੀ ਸਥਿਤੀ ਪੈਦਾ ਹੋਣ ਤੋਂ ਬਚਾ ਹੋ ਸਕਦਾ ਸੀ। ਅਜੇ ਵੀ ਡੁਲ੍ਹੇ ਬੇਰਾਂ ਤੋਂ ਬਚਾਅ ਹੋ ਸਕਦਾ ਹੈ। ਨਹੀਂ ਤਾਂ “ਆਦਮੀ ਕੋ ਚਾਹੀਏ ਵਕਤ ਕਾ ਹੋਕਰ ਰਹੇ, ਕੌਨ ਜਾਨੇ ਕਿਸ ਘੜੀ ਵਕਤ ਕਾ ਬਦਲੇ ਮਿਜਾਜ਼”। ਹੁਣ ਪਾਣੀ ਕਾਫੀ ਥੱਲੇ ਆ ਗਿਆ ਹੈ। ਸੋ ਵਾਹਗਿੁਰੂ ਅੱਗੇ ਅਰਦਾਸ ਹੈ ਕਿ ਫ਼ਿਰ ਕਦੇ ਵੀ ਐਸੀ ਆਫ਼ਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਮੇਰਾ ਪੰਜਾਬ ਰੰਗ ਰੰਗੀਲਾ ਬਣਿਆ ਰਹੇ ਤੇ ਲੋਕ ਸਦਾ ਚੜ੍ਹਦੀ ਕਲਾ ਗਜਾਉਂਦੇ ਰਹਿਣ।
ਐ ਦੇਸ, ਤੂੰ ਇਕੱਲਾ ਨਹੀਂ ਹੈਂ, ਤੇਰੇ ਨਾਲ ਖੜੇ ਪੰਜਾਬੀ ਵੀਰ।
ਤੇਰੀ ਕੱਸਕੇ ਬਾਂਹ ਫੜ੍ਹ ਲਈ , ਤੇ ਖਿਚ ਲਈ ਹਰ ਤੇਰੀ ਭੀੜ।
ਮੇਰੇ ਆਪਣਿਆਂ ਨਾਲ ਮੈਂ ‘ਪੰਜਾਬ’ ਹੋਇਆ ਫੇਰ ਖੜਾ।
ਇਨਾਂ ਸਭ ਕੁਛ ਖੋਹਣ ਤੇ, ਫਿਰ ਵੀ ਹੌਂਸਲਾ ਮੈਨੂੰ ਅਜੇ ਬੜਾ।