ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਐੱਚ1ਬੀ ਵੀਜ਼ਾ ਲਈ ਇੱਕ ਲੱਖ ਅਮਰੀਕੀ ਡਾਲਰ ਦੀ ਨਵੀਂ ਫੀਸ ਸਿਰਫ਼ ਨਵੇਂ ਅਰਜ਼ੀਕਾਰਾਂ ਲਈ ਹੈ ਅਤੇ ਉਨ੍ਹਾਂ ਨੂੰ ਇਸ ਫੀਸ ਦਾ ਯਕਮੁਸ਼ਤ ਭੁਗਤਾਨ ਕਰਨਾ ਪਵੇਗਾ। ਇਹ ਸਪੱਸ਼ਟੀਕਰਨ ਅਮਰੀਕਾ ’ਚ ਕੰਮ ਕਰ ਰਹੇ ਹਜ਼ਾਰਾਂ ਪੇਸ਼ੇਵਰਾਂ ਲਈ ਵੱਡੀ ਰਾਹਤ ਵਾਲੀ ਗੱਲ ਹੈ, ਜੋ ਇਸ ਨਵੇਂ ਨਿਯਮ ਕਾਰਨ ਪ੍ਰਭਾਵਿਤ ਹੋਣ ਨੂੰ ਲੈ ਕੇ ਫਿਕਰਮੰਦ ਹਨ। ਇਨ੍ਹਾਂ ’ਚ ਵੱਡੀ ਗਿਣਤੀ ਭਾਰਤੀਆਂ ਦੀ ਹੈ। ਅਮਰੀਕੀ ਨਾਗਰਿਕਤਾ ਤੇ ਇਮੀਗਰੇਸ਼ਨ ਸੇਵਾ (ਯੂ ਐੱਸ ਸੀ ਆਈ ਐੱਸ) ਨੇ ਬੀਤੇ ਦਿਨ ਇੱਕ ਬਿਆਨ ’ਚ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਨਵਾਂ ਐੱਚ1ਬੀ ਵੀਜ਼ਾ ਫੀਸ ਬਾਰੇ ਐਲਾਨ ਸਿਰਫ਼ ਨਵੇਂ ਅਰਜ਼ੀਕਾਰਾਂ ’ਤੇ ਲਾਗੂ ਹੋਵੇਗਾ। ਟਰੰਪ ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਕਿ 21 ਸਤੰਬਰ ਤੋਂ ਪਹਿਲਾਂ ਜਮ੍ਹਾਂ ਕੀਤੇ ਗਏ ਐੱਚ1ਬੀ ਵੀਜ਼ਾ ਅਰਜ਼ੀਆਂ ’ਤੇ ਨਵੇਂ ਨਿਯਮਾਂ ਦਾ ਕੋਈ ਅਸਰ ਨਹੀਂ ਪਵੇਗਾ। ਇਸ ਤੋਂ ਇਲਾਵਾ ਮੌਜੂਦਾ ਸਮੇਂ ਅਮਰੀਕਾ ਤੋਂ ਬਾਹਰ ਰਹਿਣ ਵਾਲੇ ਵੀਜ਼ਾ ਧਾਰਕਾਂ ਨੂੰ ਵੀ ਦੇਸ਼ ’ਚ ਮੁੜ ਦਾਖਲ ਹੋਣ ਲਈ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।
ਐੱਚ1ਬੀ ਵੀਜ਼ਾ: ਸਿਰਫ਼ ਨਵੇਂ ਅਰਜ਼ੀਕਾਰਾਂ ਲਈ ਹੈ ਇੱਕ ਲੱਖ ਡਾਲਰ ਫੀਸ


















