ਕਹਿਣੀ ਤੇ ਕਰਨੀ ਨੂੰ ਇਕ ਕਰੋ–ਡਾ: ਕਰਨੈਲ ਸਿੰਘ ਹੂੰਜਣ

You are currently viewing ਕਹਿਣੀ ਤੇ ਕਰਨੀ ਨੂੰ ਇਕ ਕਰੋ–ਡਾ: ਕਰਨੈਲ ਸਿੰਘ ਹੂੰਜਣ

ਸੱਚੇ ਸਿੱਖ ਦੀ ਨਿਸ਼ਾਨੀ, ਬਾਣੇ ਤੇ ਬਾਣੀ ਦਾ ਧਾਰਨੀ ਹੋਣਾ ਹੈ। ਪੰਜ ਕਕਾਰਾਂ ਨਾਲ ਸੁਸ਼ੋਭਿਤ ਹੋਣਾ ਅਤੇ ਪੰਜ ਬਾਣੀਆਂ ਦੇ ਨਿਤਨੇਮ ਨਾਲ ਗੁਰੂ ਸਾਹਿਬ ਦੀ ਬਖਸ਼ੀ ਸਿੱਖੀ ਤੇ ਪਹਿਰਾ ਦੇਣਾ ਹਰ ਸਿੱਖ ਦਾ ਮੁੱਢਲਾ ਫਰਜ਼ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਈਸ਼ਟ, ਮੌਜੂਦਾ ਗੁਰੂ, ਹਾਜ਼ਿਰਾ ਹਜ਼ੂਰ, ਜਾਹਿਰਾ ਜ਼ਹੂਰ, ਸਰਬ ਕਲਾ ਭਰਪੂਰ, ਨਾਮ ਬਾਣੀ ਦੇ ਬੋਹਿਥ, ਤਖ਼ਤ ਹਵਰ ਦੇ ਮਾਲਕ, ਦੋ ਜਹਾਨ ਦੇ ਵਾਲੀ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੁਰ ਕੀ ਬਾਣੀ ਦੇ ਭੰਡਾਰ। ਦੁਨੀਆਂ ਤੇ ਜਿਨਾਂ ਦਾ ਕੋਈ ਸਾਨੀ ਨਹੀਂ, ਜੁੱਗੋ ਜੁਗ ਅਟੱਲ, ਸ਼ਬਦ ਗੁਰੂ ਹਨ। ਇਨਾਂ ਦਾ ਸਤਿਕਾਰ ਕਰਨਾ ਹਰ ਸਿੱਖ ਲਈ ਲਾਜ਼ਮੀ ਹੈ। ਕੇਵਲ ਮੱਥਾ ਟੇਕਣ ਨਾਲ ਜਾਂ ਗੁਰ ਸਾਹਿਬ ਨੂੰ ਬਹੁਤ ਵਧੀਆ ਰੁਮਾਲੇ ਸਾਹਿਬ ਭੇਟ ਕਰਨ ਨਾਲ ਹੀ ਸਤਿਕਾਰ ਨਹੀਂ ਹੁੰਦਾ। ਸਤਿਕਾਰ ਹੁੰਦਾ ਗੁਰਬਾਣੀ ਪੜ੍ਹਨ ਤੇ ਸੁਣਨ ਨਾਲ, ਗੁਰੂ ਸਾਹਿਬਾਨ ਦੁਆਰਾ ਗੁਰਬਾਣੀ ਰਾਹੀਂ ਦਿੱਤੀ ਸਿੱਖਿਆ ਤੇ ਅਮਲ ਕਰਨ ਨਾਲ। ਭੋਗ ਪੈਣ ਉਪਰੰਤ ਗੁਰੂ ਸਾਹਿਬ ਜਦ ਤੱਕ ਹੁਕਮਨਾਮਾ ਬਖਸ਼ ਕੇ ਆਪਣੇ ਨਿਜ ਅਸਥਾਨਾਂ ਲਈ ਚਾਲੇ ਨਹੀਂ ਪਾਉਂਦੇ ਤੱਕ ਤੱਕ ਕਿਸੇ ਵੀ ਇਨਸਾਨ ਨੂੰ ਦੀਵਾਨ ਅਸਥਾਨ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ। ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦੇ ਗਾਇਨ ਤੋਂ ਤੁਰੰਤ ਪਹਿਲਾਂ ਤਕਰੀਬਨ ਹਰ ਖੁਸ਼ੀ ਗਮੀ ਦੇ ਭੋਗ ਤੇ ਬੁਲਾਰਿਆਂ, ਧਰਮ ਪ੍ਰਚਾਰਕਾਂ, ਕਥਾਕਾਰਾਂ ਦੇ ਤਕਰੀਬਨ ਇਹੋ ਜਿਹੇ ਸ਼ਬਦ ਜਾਂ ਬੋਲ, ਸਿੱਖਿਆਵਾਂ ਗੁਰੂ ਦੀ ਹਜ਼ੂਰੀ ਵਿਚ ਬਿਰਾਜਮਾਨ ਸੰਗਤਾਂ ਨੂੰ ਸੁਣਨ ਲਈ ਮਿਲਦੀਆਂ ਹਨ। ਇਸ ਤੋਂ ਤੁਰੰਤ ਬਾਅਦ ਅਨੰਦ ਸਾਹਿਬ ਦੀਆ ਛੇ ਪੌੜੀਆਂ ਦਾ ਗਾਇਨ ਹੁੰਦਾ ਹੈ। ਅਰਦਾਸ ਹੁੰਦੀ ਹੈ, ਮਹਾਰਾਜ ਦਾ ਹੁਕਮਨਾਮਾ ਸੁਣਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ। ਇਸ ਸਾਰੇ ਕਰਮ ਵਿਚ ਤਕਰੀਬਨ 15 ਕੁ ਮਿੰਟ ਦਾ ਸਮਾਂ ਲਗਦਾ ਹੈ।
ਜਿਹੜੇ ਸਖਸ਼ ਇਹ ਸਾਰਾ ਉਪਦੇਸ਼ ਦਿੰਦੇ ਹਨ, ਉਨਾਂ ਦੀ ਕਾਰਗੁਜ਼ਾਰੀ ਦੇਖੀਏ। ਆਪਣੇ ਭਾਸ਼ਨ ਦੇ ਸਮਾਪਤ ਹੁੰਦ ੇਹੀ ਇਹ ਲੋਕ 15 ਮਿੰਟ ਦਾ ਇੰਤਜ਼ਾਰ ਨਾ ਕਰਕੇ ਸਮੇਂ ਦੀ ਮਜਬੂਰੀ ਦਰਸਾਉਂਦੇ ਹੋਏ ਗੁਰੂ ਸਾਹਿਬ ਨੂੰ ਅਦਬ ਨਾਲ ਨਮਸਕਾਰ ਕਰਕੇ, ਸਜੇ ਦੀਵਾਨ ਹਾਲ ਜਾਂ ਗੁਰੂ ਦਰਬਾਰ ਵਿਚੋਂ ਤੇਜ਼ੀ ਨਾਲ ਬਾਹਰ ਚਲੇ ਜਾਂਦੇ ਹਨ। ਇਨਾਂ ਧਾਰਮਿਕ ਨੇਤਾਵਾਂ ਜਾਂ ਧਰਮ ਪ੍ਰਚਾਰਕਾਂ ਨੂੰ ਗੁਰੂ ਸਾਹਿਬ ਦੇ ਅਦਬਰ ਸਤਿਕਾਰ ਲਈ ਦਿੱਤੀਆ ਆਪਣੀਆਂ ਹੀ ਸਿੱਖਿਆਵਾਂ ਭੁੱਲ ਜਾਂਦੀਆਂ ਹਨ। ਇਨਾਂ ਦੀ ਕਥਨੀ ਤੇ ਕਰਨੀ ਵਿਚ ਫਰਕ ਤੋਂ ਦੁਖ ਦਾ ਅਹਿਸਾਸ ਹੁੰਦਾ ਹੈ।
ਇਸੇ ਤਰ੍ਰਾ ਸਾਡੇ ਬਹੁਤਾਤ ਕੀਰਤਨੀਏ ਸਿੰਘਾਂ ਦਾ ਵੀ ਇਹੋ ਹਾਲ ਹੈ। ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦੇ ਕੀਰਤਨ ਉਪਰੰਤ ਆਪਣੇ ਹਰਮੋਨੀਅਮ, ਸਾਜ਼ ਤਬਲਾ ਅਦਿ ਅਤੇ ਸੰਗਤ ਵੱਲੋਂ ਭੇਟ ਕੀਤੀ ਮਾਇਆ ਇਕੱਠੀ ਕਰਕੇ, ਚਲ ਰਹੀ ਅਰਦਾਸ ਦੌਰਾਨ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ, ਗੁਰਦੁਆਰਾ ਸਾਹਿਬ ਤੋਂ ਪ੍ਰਸਥਾਨ ਕਰ ਜਾਂਦੇ ਹਨ। ਕਿਸੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ, ਪ੍ਰਧਾਨ ਸਾਹਿਬ ਜਾਂ ਹੋਰ ਅਹੁਦੇਦਾਰ ਦਾ ਇਹ ਹੌਂਯਲਾ ਨਹੀਂ ਪੈਂਦਾ ਕਿ ਕੋਈ ਇਨਾਂ ਨੂੰ ਸਮਝਾ ਸਕੇ। ਸ਼ਾਇਦ ਇਨਾਂ ਦੀ ਆਤਮਾ ਇਨਾਂ ਨੂੰ ਝੰਜੋੜਦੀ ਹੋਵੇ। ਪਰ ਇਹ ਆਪਣੀ ਮਨਮਰਜ਼ੀ ਦੇ ਮਾਲਕ ਕਥਨੀ ਤੇ ਕਰਨੀ ਨੂੰ ਤਾਕ ਤੇ ਰੱਖ ਕੇ ਗੁਰੂ ਸਾਹਿਬ ਦੇ ਅਦਬ ਸਤਿਕਾਰ ਦਾ ਅਰਥ ਭੁਲ ਗਏ ਹਨ। ਭੱਟ ਸਾਹਿਬਾਨ ਦੀ ਤਰ੍ਹਾਂ ਕਿਤੇ ਇਨਾ ਨੂੰ ਵੀ ਆਪਣੀ ਮਧੁਰ ਆਵਾਜ਼ ਅਤੇ ਰਸਭਿੰਨੇ ਗੁਰਬਾਣੀ ਗਾਇਨ ਤੇ ਹੰਕਾਰ ਤਾਂ ਨਹੀਂ ਹੋ ਗਿਆ ਹੈ, ਜੋ ਇਹ ਗੁਰੂ ਸਾਹਿਬ ਦੇ ਅਦਬ ਸਤਿਕਾਰ ਕਰਨ ਵਿਚ ਕੁਤਾਹੀ ਕਰਨ ਲੱਗ ਹਨ। ਜੋ ਇਨਾਂ ਦੇ ਅੰਤਰਮਨ ਵਿਚ ਕੋਈ ਅਜਿਹੀ ਗਲਤ ਧਾਰਨਾ ਜਾਂ ਗਲਤ ਫਹਿਮੀ ਹੈ ਤਾਂ ਭੱਟ ਸਾਹਿਬਾਨ ਦੀ ਦਰਸਾਈ ਨਿਮਰਤਾ ਅਨੁਸਾਰ ਗੁਰੂ ਸਾਹਿਬ ਅੱਗੇ ਡੰਡਾਉਤ ਬੰਦਨਾ ਕਰਕੇ ਅਗਾਂਹ ਤੋਂ ਅਜਿਹੀਆਂ ਗਲਤੀਆਂ ਕਰਨ ਤੋਂ ਤੋਬਾ ਕਰਨ ਦਾ ਪ੍ਰਣ ਕਰਨ। ਕਿਤੇ ਅਜਿਹਾ ਨਾ ਹੋਵੇ ਕਿ ਸਮਰੱਥ ਗੁਰੂ ਅਤੇ ਸਮਰੱਥ ਗੁਰੂ ਦੀ ਵਰੋਸਾਈ ਹੋਈ ਗੁਰ ਸੰਗਤ ਇਨਾਂ ਨੂੰ ਸੋਧਣ ਦਾ ਕੋਈ ਉਪਰਾਲਾ ਕਰਨ ਲਈ ਮਜਬੂਰ ਹੋ ਜਾਣ।
–ਡਾ: ਕਰਨੈਲ ਸਿੰਘ ਹੂੰਜਣ, ਲੁਧਿਆਣਾ ਫੋਨ: 94636–63404