ਹੀਥਰੋ ਸਣੇ ਕਈ ਯੂਰਪੀ ਹਵਾਈ ਅੱਡਿਆਂ ’ਤੇ ਅੱਜ ਵੀ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਯੂਰਪ ਦੇ ਕਈ ਦੇਸ਼ਾਂ ਵਿਚ ਹਵਾਈ ਯਾਤਰਾ ਕਰਨ ਲਈ ਚੈਕ ਇਨ ਤੇ ਬੋਰਡਿੰਗ ਪ੍ਰਣਾਲੀ ’ਤੇ ਸਾਈਬਰ ਹਮਲਾ ਹੋਇਆ ਸੀ ਜਿਸ ਕਾਰਨ ਵੱਡੀ ਗਿਣਤੀ ਉਡਾਣਾਂ ਜਾਂ ਤਾਂ ਰੱਦ ਕਰਨੀਆਂ ਪਈਆਂ ਸਨ ਜਾਂ ਦੇਰੀ ਨਾਲ ਚੱਲੀਆਂ ਸਨ ਤੇ ਇਹੀ ਹਾਲਾਤ ਅੱਜ ਵੀ ਜਾਰੀ ਰਹੇ।
ਬਰੱਸਲਜ਼ ਏਅਰਪੋਰਟ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਸਮੱਸਿਆ ਹਾਲੇ ਹੱਲ ਨਹੀਂ ਹੋਈ ਜਿਸ ਕਰ ਕੇ ਉਨ੍ਹਾਂ ਏਅਰਲਾਈਨਾਂ ਨੂੰ ਉਨ੍ਹਾਂ ਦੀਆਂ ਅੱਧੀਆਂ ਉਡਾਣਾਂ ਨੂੰ ਰੱਦ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਈਬਰ ਹਮਲੇ ਕਾਰਨ ਚੈੱਕ-ਇਨ ਸਿਸਟਮ ਨਾਲ ਜੁੜੇ ਮੁੱਦੇ ਹਾਲੇ ਤਕ ਨਹੀਂ ਸੁਲਝੇ।


















